Breaking News
Home / heart touching stories / ਉਹ ਮੇਰੇ ਕੋਲ ਆਈ ਤੇ ਬੜੇ ਤਰਲੇ ਜੇ ਨਾਲ ਪੁੱਛਿਆ ਵਿਆਹ ਤਾਂ ਕਰਾਏਂਗਾ ਨਾ ਮੇਰੇ ਨਾਲ

ਉਹ ਮੇਰੇ ਕੋਲ ਆਈ ਤੇ ਬੜੇ ਤਰਲੇ ਜੇ ਨਾਲ ਪੁੱਛਿਆ ਵਿਆਹ ਤਾਂ ਕਰਾਏਂਗਾ ਨਾ ਮੇਰੇ ਨਾਲ

ਸਮਝ ਨੀ ਆ ਰਹੀ ਖੁਸ਼ ਹੋਵਾਂ ਜਾਂ ਉਦਾਸ, ਅੱਜ ਇਸ਼ਕ ਦੀ ਹੱਦ ਦੇਖ ਕੇ ਆ ਰਿਹਾਂ। ਥੋੜੇ ਦਿਨ ਪਹਿਲਾਂ ਇੱਕ ਨਵਾਂ ਬੰਦਾ ਏਜੰਸੀ ਵੱਲੋਂ ਆਉਣ ਲੱਗਿਆ ਸੀ ਕੰਮ ਤੇ, ਛੇਤੀ ਹੀ ਮੇਰੇ ਨਾਲ ਚੰਗੀ ਵਾਕਫੀਅਤ ਹੋ ਗਈ, ਗੱਲਾਂ ਗੱਲਾਂ ‘ਚ ਪਤਾ ਲੱਗਿਆ ਕਿ ਉਹ ਦੋ ਮਹੀਨੇ ਪਹਿਲਾਂ ਹੀ ਕਨੇਡਾ ਆਇਆ ਹੈ, ਉਮਰ ਕਹਿੰਦਾ 46 ਸਾਲ ਐ ਪਰ ਮੈਂ ਕਾਫੀ ਹੈਰਾਨ ਜਿਹਾ ਹੋਇਆ ਕਿ ਉਸਦਾ ਵਿਆਹ ਨੀ ਹੋਇਆ ਸੀ, ਹੈਰਾਨੀ ਇਸ ਗੱਲ ਦੀ ਸੀ ਕਿ ਇੱਕ ਤਾਂ ਉਹਦੇ ਦੱਸਣ ਮੁਤਾਬਿਕ ਉਹ ਵਧੀਆ ਪਰਿਵਾਰ ‘ਚੋਂ ਸੀ ਤੇ ਦੂਜਾ ਬਹੁਤ ਹੀ ਹਸਮੁੱਖ, ਜ਼ਿੰਦਾਦਿਲ ਇਨਸਾਨ ਤੇ ਦੇਖਣ ਨੂੰ ਵੀ 35 ਸਾਲ ਤੋਂ ਵੱਧ ਨਹੀਂ ਲੱਗਦਾ ਸੀ।

ਵਿਆਹ ਨਾ ਹੋਣ ਦਾ ਕਾਰਨ ਸਮਝ ਨੀ ਆ ਰਿਹਾ ਸੀ, ਮੈਂ 1-2 ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਮਜ਼ਾਕ ‘ਚ ਗੱਲ ਟਾਲ ਜਾਂਦਾ ਤੇ ਕੱਲ ਹਨ੍ਹੇਰੀ ਵਾਂਗ ਕਾਫੀ ਤੇਜ਼ ਹਵਾਵਾਂ ਚੱਲ ਰਹੀਆਂ ਸੀ, ਮੈਂ ਕਿਹਾ ਕਿ ਬੱਸ ‘ਚ ਕਿੱਥੇ ਖੱਜਲ ਹੁੰਦਾ ਫਿਰੇਂਗਾ ਬਾਈ ਆ ਜਾ ਮੈਂ ਛੱਡ ਦਿੰਨਾ, ਮੇਰੇ ਮਨ ‘ਚ ਉਹਦੇ ਵਿਆਹ ਨਾ ਕਰਾਉਣ ਦਾ ਕਾਰਨ ਜਾਨਣ ਦੀ ਤਾਂਘ ਸੀ ਤੇ ਅੱਜ ਮੌਕਾ ਵਧੀਆ ਸੀ, ਮੈਂ ਗੱਡੀ ਟਿਮ ਹਾਰਟਨ ਤੇ ਰੋਕੀ ਜਾ ਕੇ ਅੰਦਰ ਬੈਠ ਗਏ, ਕੌਫੀ ਦੀਆਂ ਚੁਸਕੀਆਂ ਲੈਂਦੇ ਨੇ ਆਪਣਾ ਸਵਾਲ ਕੀਤਾ ਟਾਲ ਮਟੋਲ ਕਰਦਾ ਕਹਿੰਦਾ ਬਾਈ ਆਪਣੀਆਂ ਤਾਂ ਉਹਦੀ ਰੂਹ ਨਾਲ ਲਾਵਾਂ ਹੋ ਗੀਆਂ ਸੀ ਤੇ ਆਹ ਸਰੀਰਾਂ ਦੀਆਂ ਗੱਲਾਂ ਬਹੁਤ ਪਿੱਛੇ ਛੱਡ ਆਇਆਂ ਮੈਂ, 1996 ‘ਚ ਬੀ.ਏ. ਪਾਸ ਕੀਤੀ ਸੀ, ਮੇਰੇ ਪਿੰਡ ਤੋਂ 6 ਕਿਲੋਮੀਟਰ ਤੇ ਪਿੰਡ ਸੀ ਉਹਦਾ, ਇੱਕੋ ਬੱਸ ਤੇ ਕਾਲਜ ਜਾਂਦੇ।

ਸੁੱਖ ਨਾਲ ਕਲਾਸ ਵੀ ਇੱਕੋ ਈ ਸੀ, ਮੈਂ ਤਾਂ ਪਹਿਲੇ ਦਿਨ ਈ ਦਿਲ ਹਾਰ ਗਿਆ ਸੀ ਤੇ ਉਹਦਾ ਕਿਸੇ ਨਾ ਕਿਸੇ ਬਹਾਨੇ ਮੈਨੂੰ ਬੁਲਾਉਣਾ ਉਹਦੇ ਵੱਲੋਂ ਹਾਮੀ ਭਰਦਾ ਜਾਪਦਾ ਪਰ ਇਹ ਗੱਲ ਮੇਰੀ ਜ਼ੁਬਾਨ ਤੇ ਆਉਣ ਨੂੰ ਢਾਈ ਸਾਲ ਲੱਗਗੇ, ਜ਼ੁਬਾਨ ਤੇ ਵੀ ਕਿੱਥੇ ਉਦੋਂ ਵੀ ਕਾਗਜ਼ ਤੇ ਲਿਖ ਕੇ ਹੀ ਦੱਸਿਆ ਸੀ, ਮੇਰੇ ਸਾਹਮਣੇ ਹੀ ਸਭ ਕੁਝ ਪੜ ਕੇ ਉਹ ਖਤ ਨੂੰ ਕਿਤਾਬ ‘ਚ ਰੱਖ ਕੇ ਸੰਗਦੀ ਹੋਈ ਮੁਸਕੁਰਾਈ ਤੇ ਕੁੜੀਆਂ ‘ਚ ਜਾ ਬੈਠੀ, ਫਿਰ ਹੌਲੀ ਹੌਲੀ ਗੱਲਬਾਤ ਸ਼ੁਰੂ ਹੋਈ, ਇੰਨੀਆਂ ਗੱਲਾਂ ਅੱਜ ਆਲੇ ਫੋਨਾਂ ਤੇ ਨੀ ਕਰਦੇ ਹੋਣੇ ਜਿੰਨੀਆਂ ਅਸੀਂ ਅੱਖਾਂ ਨਾਲ ਕਰ ਲੈਂਦੇ ਸੀ, ਫਿਰ ਬੀ.ਏ. ਦੇ ਪੇਪਰ ਹੋ ਗਏ, ਹੁਣ ਅੱਗੇ ਹੋਰ ਪੜਾਈ ਨਹੀਂ ਕਰਨੀ ਸੀ ਤੇ ਉਹਦੇ ਨਾਲ ਰਾਬਤਾ ਵੀ ਖਤਮ ਹੁੰਦਾ ਜਾਪ ਰਿਹਾ ਸੀ ਕਿ ਸਾਡੇ ਪਿੰਡ ਦੀਵਾਨਾਂ ਤੇ ਉਹਨੂੰ ਟਰਾਲੀ ‘ਚੋਂ ਉੱਤਰਦੀ ਨੂੰ ਦੇਿਖਆ, ਇੱਕ ਦਮ ਸਰੀਰ ਕੰਬਣ ਲੱਗ ਗਿਆ ਸੀ ਉਹਨੂੰ ਦੇਖ ਕੇ, ਉਦੋਂ ਸਮਝ ਨੀ ਸੀ ਆਇਆ ਪਰ ਹੁਣ ਪਤਾ ਲੱਗਦਾ ਕਿ ਉਹ ਇਸ਼ਕ ਸੀ ਜਾਂ ਸ਼ਾਇਦ ਓਸ ਸਮੇਂ ਇਹੀ ਇਸ਼ਕ ਸੀ। ਦੋ ਦਿਨ ਤਾਂ ਅੱਖਾਂ ‘ਚ ਗੱਲਾਂ ਕਰਦੇ ਹੀ ਨਿਕਲ ਗਏ ਤੀਜੇ ਤੇ ਆਖਰੀ ਦੀਵਾਨ ਆਲੇ ਦਿਨ ਉਹਨੇ ਹੀ ਹਿੰਮਤ ਕੀਤੀ ਤੇ ਭਾਂਡਿਆਂ ਬਾਰੇ ਪੁੱਛਣ ਦੇ ਬਹਾਨੇ ਮੇਰੇ ਕੋਲ ਆਈ, ਬੜੇ ਤਰਲੇ ਜੇ ਨਾਲ ਪੁੱਛਿਆ ਵਿਆਹ ਤਾਂ ਕਰਾਏਂਗਾ ਨਾ ਮੇਰੇ ਨਾਲ।

ਤੇ ਮੈਂ ਇਕਦਮ ਜਿਵੇਂ ਬਲਬ ਦਾ ਿਫਊਜ ਉੱਡਦਾ ਇੱਦਾਂ ਹੋ ਗਿਆ, ਮੇਰੇ ਤੋਂ ਤਾਂ ਕੁਛ ਵੀ ਬੋਲ ਨੀ ਹੋਇਆ ਪਰ ਉਹਨੇ ਮੇਰੇ ਚਿਹਰੇ ਤੋਂ ਸ਼ਾਇਦ ਮੇਰਾ ਜਵਾਬ ਪੜ੍ਹ ਲਿਆ ਤੇ ਮੇਰੀ ਪਹਿਚਾਣ ਦੇ ਬੰਦੇ ਨੂੰ ਵਿਚੋਲਾ ਬਣਾਉਣ ਦੀ ਜੁਗਤ ਦੱਸ ਕੇ ਚਲੇ ਗਈ। ਪਰ ਮੈਂ ਇੰਨਾ ਹਿੰਮਤੀ ਨਹੀਂ ਸੀ ਡਰਦੇ ਡਰਦੇ ਨੇ ਵੱਡੇ ਬਾਈ ਨਾਲ ਕੀਤੀ ਪਹਿਲਾਂ ਤਾਂ ਗੁੱਸੇ ‘ਚ ਬੋਲਿਆ ਪਰ ਉਹ ਵੀ ਕਾਲਜੀਏਟ ਰਿਹਾ ਸੀ ਸ਼ਾਇਦ ਇਸੇ ਕਰਕੇ ਛੇਤੀ ਹੀ ਮੰਨ ਗਿਆ, ਹੁਣ ਸਾਰਾ ਕੰਮ ਬਾਈ ਦੇ ਸਿਰ ਤੇ ਸੀ, ਬਾਈ ਨੇ ਉਹਦੇ ਦੱਸੇ ਬੰਦੇ ਨਾਲ ਗੱਲ ਕੀਤੀ ਤੇ ਉਹ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਗਿਆ, ਉਹਦੇ ਚਾਚੇ ਦੇ ਮੁੰਡੇ ਤੋਂ ਬਿਨਾਂ ਬਾਕੀ ਸਭ ਰਾਜੀ ਹੋ ਗਏ ਤੇ ਰਿਸ਼ਤਾ ਪੱਕਾ ਹੋ ਗਿਆ, ਹੁਣ ਤੱਕ ਸਭ ਕੁਝ ਸੁਪਨੇ ਵਾਂਗ ਹੀ ਚੱਲ ਰਿਹਾ ਸੀ ਕਿ ਇੱਕ ਦਿਨ ਸੁਨੇਹਾ ਆਇਆ ਕਿ ਉਹਨੇ ਜ਼ਹਿਰ ਪੀ ਲਈ ਐ।

ਮੈਂ, ਵੱਡਾ ਬਾਈ ਤੇ ਬਾਪੂ ਤਿੰਨੋਂ ਜਣੇ ਉਸੇ ਵੇਲੇ ਗਏ। ਇੱਦਾਂ ਲੱਗ ਰਿਹਾ ਸੀ ਜਿਵੇਂ ਸੁੱਤੀ ਪਈ ਨੇ ਹੁਣੀ ਉੱਠ ਖੜਨਾ ਪਰ ਨਹੀਂ ਉਹ ਤਾਂ ਗਹਿਰੀ ਨੀਂਦ ‘ਚ ਜਾਂ ਚੁੱਕੀ ਸੀ,,, ਮੇਰੇ ਵਾਂਗ ਹੀ ਕਿਸੇ ਨੂੰ ਕੁਝ ਵੀ ਸਮਝ ਨੀ ਆ ਰਿਹਾ ਸੀ, ਪੁਲਿਸ ਦੇ ਝੰਜਟ ਤੋਂ ਬਚਣ ਲਈ ਉਹਨਾਂ ਨੇ ਉਸੇ ਦਿਨ ਹੀ ਸਸਕਾਰ ਕਰ ਦਿੱਤਾ, ਮੇਰੇ ਮਨ ਬਹੁਤ ਸਵਾਲ ਸਨ ਪਰ ਬਾਈ ਨੇ ਕੁਝ ਵੀ ਬੋਲਣ ਨਾ ਦਿੱਤਾ, ਮੇਰੇ ਲਈ ਅੱਜ ਵੀ ਇਹ ਇੱਕ ਸਵਾਲ ਈ ਐ ਕਿ ਆਖਿਰ ਕੀ ਹੋਇਆ ਹੋਏਗਾ ਉਸ ਦਿਨ। ਪਰ ਚੰਦਰੀ ਮੈਨੂੰ ਜਿਉਂਦੇ ਜੀਅ ਮਾਰ ਗਈ। ਉਹਦੇ ਨਾਲ ਸਾਰੀ ਜ਼ਿੰਦਗੀ ‘ਚ ਹੋਈਆਂ ਗੱਲਾਂ ਦੇ ਸਮੇਂ ਦਾ ਜੋੜ ਕਰਾਂ ਤਾਂ 10 ਜਾਂ 15 ਮਿੰਟ ਮਸਾਂ ਬਣਨੇ ਪਰ ਸ਼ਾਇਦ ਇੰਨੇ ਕੁ ਸਮੇਂ ਚ ਹੀ ਉਹਦੀਆਂ ਗੱਲਾਂ ਨੇ ਕਿਸੇ ਹੋਰ ਲਈ ਜਗ੍ਹਾ ਨੀ ਛੱਡੀ ਮੇਰੇ ਦਿਲ ‘ਚ,,,, ਘਰਦੇ ਹੋਰ ਰਿਸ਼ਤਾ ਦੇਖਣ ਲੱਗੇ ਪਰ ਮੈਂ ਇਸ ਵਾਰ ਵੀ ਚੁੱਪ ਸੀ, ਇਸ ਤੋਂ ਪਹਿਲਾਂ ਕਿਤੇ ਗੱਲ ਚਲਦੀ ਮੈਂ ਗ੍ਰੀਸ ਚਲਾ ਗਿਆ, ਫਿਰ 9 ਸਾਲ ਬਾਅਦ ਪਿੰਡ ਗੇੜਾ ਮਾਰਿਆ ਤੇ ਕੁੱਲ 19 ਸਾਲ ਗ੍ਰੀਸ ‘ਚ ਲਾ ਕੇ ਹੁਣ ਕਨੇਡਾ ਆ ਗਿਆਂ, ਜਿਸ ਦਿਨ ਉਹਦੀ ਮਾਂ ਨੇ ਮੇਰੇ ਮੂੰਹ ਨੂੰ ਗੁੜ ਲਾਇਆ ਸੀ ਮੇਰੀਆਂ ਲਾਵਾਂ ਤਾਂ ਉਸੇ ਦਿਨ ਹੀ ਹੋ ਗਈਆਂ ਸੀ, ਤੇ ਉਹਦੇ ਤੋਂ ਤਲਾਕ ਲੈਣ ਬਾਰੇ ਤਾਂ ਸੋਚਿਆ ਹੀ ਨੀ ਕਦੇ।

ਇਹ ਗੱਲ ਕਰਦੇ ਹੋਏ ਕਈ ਵਾਰ ਉਹਦੀਆਂ ਅੱਖਾਂ ਗਿੱਲੀਆਂ ਹੋਈਆਂ ਪਰ ਉਹਨੇ ਇੱਕ ਵੀ ਹੰਝੂ ਬਾਹਰ ਨੀ ਆਉਣ ਦਿੱਤਾ, ਦੋਵਾਂ ਦੀ ਕੌਫੀ ਠੰਡੀ ਹੋ ਚੁੱਕੀ ਸੀ, ਤੇ ਆਡਰ ਟੇਬਲ ਤੇ ਖੜੀ ਗੋਰੀ ਕੁੜੀ ਉਹਦੇ ਵੱਲ ਟਿਕਟਿਕੀ ਲਗਾ ਕੇ ਦੇਖ ਰਹੀ ਸੀ ਜਿਵੇਂ ਉਹ ਵੀ ਇਸ ਕਹਾਣੀ ਤੋਂ ਜਾਣੂੰ ਹੋ ਗਈ ਹੋਵੇ।

About admin

Check Also

ਕੀ ਤੁਸੀਂ ਕਦੇ ਸੋਚਿਆ ਹੈ ਕਿ ਜਨਤਕ ਟੋਇਲਟ ਵਿਚ ਦਰਵਾਜੇ ਹੇਠਾਂ ਕਿਉਂ ਖੁੱਲ੍ਹਿਆ ਹੈ? ਇਸ ਦਾ ਕਾਰਨ ਬਹੁਤ ਵਧੀਆ ਹੈ ..

ਕੀ ਤੁਸੀਂ ਕਦੇ ਸੋਚਿਆ ਹੈ ਕਿ ਜਨਤਕ ਟੋਇਲਟ ਵਿਚ ਦਰਵਾਜੇ ਹੇਠਾਂ ਕਿਉਂ ਖੁੱਲ੍ਹਿਆ ਹੈ? ਇਸ …

Leave a Reply

Your email address will not be published. Required fields are marked *